ਧਰਤੀ ਦਾ ਗੱਦਾ ਏ ਅਸਮਾਨੀ ਛੱਤਾਂ ਨੇਂ ਸਾਨੂੰ ਕਿਰਤੀਆਂ ਨੂੰ ਸਾਡੇ ਜਜ਼ਬੇ ਰੱਖਾਂ ਨੇਂ ਲੰਗਰ ਦੀ ਰੋਟੀ ਹੈ ਤਰਪਾਲਾਂ -ਠੰਡਾਂ ਤੋਂ ਸੱਭ ਕੁੱਝ ਹੀ ਇਹ ਛੋਟਾ ਹੈ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਦਿਲ ਦੀਆਂ ਗੰਢਾਂ ਤੋਂ ਸਾਡੇ ਬਾਪੂ ਬੈਠੇ ਨੇ ਮਾਵਾਂ ਵੀ ਬੈਠੀਆਂ ਨੇਂ ਖੇਤਾਂ ਦੇ ਰਾਹ ਫਸਲਾਂ ਸਭ ਥਾਵਾਂ ਬੈਠੀਆਂ ਨੇਂ ਅਸੀਂ ਨਾਲ ਲਿਆਏ ਹਾਂ ਮਿੱਟੀ ਆਪਣੇ ਖੇਤਾਂ ਦੀ ਤੂੰ ਗੱਡ ਫਾਹੇ ਤੇ ਸੂਲੀ ਸਾਡੇ ਘੰਢ ਦੇ ਮੇਚਾਂ ਦੀ ਸਾਡੇ ਘੰਢ ਦੇ ਮੇਚਾਂ ਦੀ ਤੇਰੇ ਜੁਲਮਾਂ ਥੱਕ ਜਾਣੈ ਅਸੀਂ ਥੱਕਣ ਵਾਲੇ ਨਾ ਤੈਨੂੰ ਅੱਜ ਤੱਕ ਟੱਕਰੇ ਹੱਥ ਅੱਟਣ ਵਾਲੇ ਨਾ ਹੁਣ ਲੜਨੈ ਜਾਂ ਮਰਨੈ ਇਹ ਧਾਰ ਕੇ ਆਏ ਹਾਂ ਵਾਰਿਸ ਅਸੀਂ ਅਣਖਾਂ ਦੇ ਡਰ ਮਾਰ ਕੇ ਆਏ ਹਾਂ ਡਰ ਮਾਰ ਕੇ ਆਏ ਹਾਂ . ✍️ਹਰਗੋਬਿੰਦ ਸਿੰਘ
.......
ਮੋਢੀਂ ਗੱਟੇ , ਖੁੱਲ੍ਹੇ ਵਾਲ ਗਰੀਬਾਂ ਦੇ,
ਗਲੀ ਗਲੀ ਪਏ ਰੁਲਦੇ ,ਲਾਲ ਗਰੀਬਾਂ ਦੇ।
ਜਿਸਨੂੰ ਕੂੜਾ ਜਾਣਕੇ ਆਪਾਂ ਸੁੱਟ ਆਏ,
ਉਸ ਚੋਂ ਕੀ ਨੇ ਲੱਭਦੇ ,ਬਾਲ ਗਰੀਬਾਂ ਦੇ।
ਮਾਰੋ -ਦੁਤਕਾਰੋ ਤਾਂ ਅੱਗੇ ਤੁਰ ਜਾਵਣ,
ਖੂਨ ਵਿੱਚ ਨਹੀਂ ਰਤਾ ,ਉਬਾਲ ਗਰੀਬਾਂ ਦੇ।
ਝੂਠੇ ਭਾਸ਼ਣ ਜਾਂ ਲੰਮੀਆਂ ਤਹਰੀਰਾਂ ਬਸ,
ਕੋਈ ਨਹੀਂ ਖੜ੍ਹਦਾ ਵੇਖਿਆ,ਨਾਲ ਗਰੀਬਾਂ ਦੇ।
ਚਾਨਣ ਦੇ ਬਸਤੇ ਤੋਂ ਲਗਦੇ ਦੂਰ ਬੜੀ,
ਤਾਲੀਮੋ ਸੱਖਣੇ ਖਿਆਲ ਗਰੀਬਾਂ ਦੇ ।
ਤਪਦੀ ਲੋ ਵਿੱਚ ਤਪਦੇ, ਸਰਦੀ ਵਿੱਚ ਠਰਦੇ
ਏਦਾਂ ਲੰਘਦੇ ਹਾੜ-ਸਿਆਲ ਗਰੀਬਾਂ ਦੇ
'ਸਿੱਧੂ' ਜਦ ਵੀ ਲੰਘੀਏ ਸ਼ਹਿਰ ਬਜ਼ਾਰਾਂ 'ਚੋਂ
ਅੱਖ ਭਰ ਆਉਂਦੀ ਤੱਕਕੇ ਹਾਲ ਗਰੀਬਾਂ ਦੇ।
.....ਹਰਗੋਬਿੰਦ ਸਿੰਘ ਸਿੱਧੂ(ਦੇਸੂ ਮਲਕਾਣਾ)
... 9466685923
Comments
Post a Comment